ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਵੱਖੋ-ਵੱਖ ਕਿਸਾਨ ਸੰਗਠਨਾਂ ਦੇ ਮੋਹਤਬਰ ਆਗੂਆਂ ਦੇ ਘਰਾਂ 'ਚ ਕੀਤੀ ਗਈ ਛਾਪੇਮਾਰੀ ਦੀ ਕਰੜੀ ਨਿਖੇਧੀ ਕੀਤੀ ਹੈ।
ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਕਾਇਰਤਾ ਭਰਪੂਰ ਬੁਖਲਾਹਟ ਕਰਾਰ ਦਿੰਦਿਆਂ ਇਸ ਧੱਕੇਸ਼ਾਹੀ ਦੇ ਸਖ਼ਤ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਕਰੜੀ ਚਿਤਾਵਨੀ ਦਿੱਤੀ ਹੈ।
ਕਮਿਊਨਿਸਟ ਆਗੂਆਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਹੋਈ ਆਪਣੀ ਨਮੋਸ਼ੀ ਜਨਕ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ ਜਾਪਦਾ। ਉਨ੍ਹਾਂ ਪਾਰਟੀ ਸਫਾਂ, ਜਨਤਕ ਜੱਥੇਬੰਦੀਆਂ ਅਤੇ ਸਾਰੀਆਂ ਇਨਸਾਫ ਪਸੰਦ ਧਿਰਾਂ ਨੂੰ ਇਸ ਜਾਬਰ ਹੱਲੇ ਖਿਲਾਫ਼ ਡਟਵਾਂ ਪ੍ਰਤੀਰੋਧ ਉਸਾਰਨ ਦੀ ਅਪੀਲ ਕੀਤੀ ਹੈ।